ਚਮਕੀਲਾ–ਅਮਰਜੋਤ ਵਾਲਾ ਦੌਰ ਦੁਗਾਣਾ ਗਾਇਕੀ ਦਾ ਦੌਰ ਸੀ। ਲੋਕਾਂ ਨੂੰ ਬੜਾ ਹੀ ਚਾਅ ਹੁੰਦਾ ਸੀ ਜਦੋਂ ਚਮਕੀਲਾ–ਅਮਰਜੋਤ ਦਾ ਅਖਾੜਾ ਉਨ੍ਹਾਂ ਦੇ ਪਿੰਡ ਜਾਂ ਲਾਗਲੇ ਕਿਸੇ ਪਿੰਡ ਵਿਚ ਲੱਗਣਾ ਹੁੰਦਾ ਸੀ। ਊਹ ਆਪਣੇ ਘਰ ਦੇ ਸਾਰੇ ਕੰਮ–ਕਾਰ ਛੱਡ ਕੇ ਚਮਕੀਲਾ ਦੇਖਣ ਚਲੇ ਜਾਂਦੇ ਸੀ। ਅਖਾੜੇ ਵਿਚ ਮਾਹੌਲ ਬਹੁਤ ਹੀ ਸ਼ਾਂਤ ਹੁੰਦਾ ਸੀ ਕਿਉਂਕਿ ਆਪਣੀ ਗਾਇਕੀ ਨਾਲ ਚਮਕੀਲਾ ਲੋਕਾਂ ਨੂੰ ਕੀਲ ਕੇ ਬਿਠਾ ਦਿੰਦਾ ਸੀ।ਉਦੋਂ ਲੋਕ ਸਿਰਫ਼ ਚਮਕੀਲੇ ਨੂੰ ਹੀ ਉਡੀਕਦੇ ਹੁੰਦੇ ਸੀ। ਕਲਾਕਾਰ ਹੋਰ ਵੀ ਸਨ, ਦੁਗਾਣਾ ਜੋੜੀਆਂ ਵੀ ਬਹੁਤ ਸਨ ਪਰ ਅੱਜ ਉਨ੍ਹਾਂ ਪੁਰਾਣੇ ਬਜ਼ੁਰਗਾਂ ਨਾਲ ਗੱਲ ਕਰੀਏ ਤਾਂ ਬਹੁਤੇ ਤੁਹਾਨੂੰ ਇਕ ਹੀ ਜਵਾਬ ਦੇਣਗੇ, ‘ਚਮਕੀਲਾ ਚਮਕੀਲਾ ਹੀ ਸੀ।’ ਹੋਰ ਵੀ ਕਲਾਕਾਰ ਦੇਖਦੇ ਰਹੇ ਹਾਂ ਪਰ ਜੋ ਨਜ਼ਾਰਾ ਚਮਕੀਲਾ–ਅਮਰਜੋਤ ਦੇ ਅਖਾੜੇ ਨੂੰ ਦੇਖਣ ਦਾ ਆਉਂਦਾ ਸੀ ਉਹ ਗੱਲ ਹੋਰ ਕਿਸੇ ਵਿਚ ਨਹੀਂ ਸੀ। ਜਿਸ ਦਿਨ ਚਮਕੀਲੇ ਦਾ ਕਤਲ ਹੁੰਦਾ ਹੈ ਉਸ ਦਿਨ ਵੀ ਲੋਕ ਉਸ ਨੂੰ ਦੇਖਣ ਆ ਰਹੇ ਸਨ।ਚਮਕੀਲੇ ਨੂੰ ਮਾਰ ਕੇ ਪਾਪੀਆਂ ਬਹੁਤ ਹੀ ਮਾੜਾ ਕੰਮ ਕੀਤਾ। ਕਈ ਖਾੜਕੂ ਜਥੇਬੰਦੀਆਂ ਨੇ ਇਸ ਘਟਨਾ ਦਾ ਬਹੁਤ ਵਿਰੋਧ ਕੀਤਾ ਸੀ। ਉਸ ਦਿਨ ‘ਕੱਲੇ ਚਮਕੀਲਾ–ਅਮਰਜੋਤ ਨਹੀਂ ਮਰੇ … ਚਮਕੀਲੇ ਨਾਲ ਸਾਜ਼ੀ ਦੇ ਤੌਰ ਦੇ ਕੰਮ ਕਰਨ ਵਾਲੇ, ਉਸ ਦੇ ਰਿਕਾਰਡ ਵੇਚਣ ਵਾਲੇ ਤੇ ਘਰਵਾਲਿਆਂ ਦਾ ਬਾਅਦ ‘ਚ ਜੋ ਬੁਰਾ ਹਾਲ ਹੋਇਆ ਉਹ ਕਿਸੇ ਕੋਲੋਂ ਛੁਪਿਆ ਨਹੀਂ। ਪਾਪੀਆਂ ਨੂੰ ਇਕ ਔਰਤ ਤੇ ਗੋਲੀਆਂ ਦਾ ਮੀਂਹ ਵਰਾ ਕੇ ਪਤਾ ਨਹੀਂ ਕੀ ਮਿਲ ਗਿਆ ? ਉਸ ਸਮੇਂ ਅਮਰਜੋਤ ਦਾ ਇਕ ਛੋਟਾ ਦੁੱਧ ਚੁੰਘਦਾ ਬੱਚਾ ਵੀ ਸੀ ਜੋ ਬਿਮਾਰ ਹੋਣ ਕਰਕੇ ਮਹੀਨੇ ਬਾਅਦ ਹੀ ਪੂਰਾ ਹੋ ਗਿਆ ਸੀ।ਇਸ ਘਟਨਾ ਦਾ ਇੱਕਾ–ਦੁੱਕਾ ਕਲਾਕਾਰਾਂ ਨੇ ਵਿਰੋਧ ਵੀ ਕੀਤਾ ਸੀ ਪਰ ਬਹੁਤਿਆਂ ਨੇ ਤਾਂ……… ।
ਚਮਕੀਲੇ ਦੀ ਮੌਤ ਤੋਂ ਬਾਅਦ ਲੱਚਰ ਗੀਤ ਤਾਂ ਕੀ ਬੰਦ ਹੋਣੇ ਸੀ ਥੋੜ੍ਹੇ ਸਾਲਾਂ ਬਾਅਦ ਹੀ ਸਾਨੂੰ ਟੀ.ਵੀ. ਤੇ ਤਸਵੀਰਾਂ ਦੇਖਣ ਨੂੰ ਮਿਲ ਗਈਆਂ। ਦੁਗਾਣਾ ਗਾਇਕੀ ਦੇ ਦੌਰ ਤੋਂ ਬਾਅਦ ਇਕ ਸਮਾਂ ਸੋਲੋ ਗਾਇਕੀ ਦਾ ਦੌਰ ਵੀ ਆਇਆ।ਪਰ ਇਨ੍ਹਾਂ ਤਿੰਨ ਦਹਾਕਿਆਂ ਵਿਚ ਲੱਚਰ ਗੀਤਾਂ ਦੀਆਂ ਕੈਸਿਟਾਂ, ਸੀਡੀਜ਼ ਮਾਰਕੀਟ ਵਿਚ ਬਹੁਤ ਆਉਂਦੀਆਂ ਰਹੀਆਂ ਤੇ ਵਿਕਦੀਆਂ ਵੀ ਰਹੀਆਂ। ਅੱਜ ਤਾਂ ਏਹੋ ਜਿਹੇ ਕਲਾਕਾਰਾਂ ਦੇ ਗੀਤ ਯੂ–ਟਿਊਬ ਤੇ ਵੀ ਆਮ ਹੀ ਸੁਣਨ ਨੂੰ ਮਿਲ ਜਾਂਦੇ ਹਨ। ਪਰ ਇਸ ਸਭ ਵਿਚ ਸਿਰਫ਼ ਚਮਕੀਲਾ ਹੀ ਬਦਨਾਮ ਹੁੰਦਾ ਰਿਹਾ।ਚਮਕੀਲੇ ਦੀ ਮੌਤ ਦਾ ਦੁੱਖ ਉਸ ਦੇ ਚਾਹੁਣ ਵਾਲਿਆਂ ਨੂੰ ਸਭ ਤੋਂ ਜ਼ਿਆਦਾ ਲੱਗਾ ਸੀ ਜੋ ਅੱਜ ਵੀ ਉਸ ਨੂੰ ਯਾਦ ਕਰਕੇ ਰੋਂਦੇ ਹਨ। ਸਮੇਂ ਦੇ ਨਾਲ ਨਵੇਂ ਗੀਤ, ਨਵੇਂ ਕਲਾਕਾਰ ਆਈ ਜਾਣੇ ਹਨ, ਪਰ ਨਹੀਂ ਆਉਣੇ ਤਾਂ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਜੋ ਹਮੇਸ਼ਾ ਹੀ ਸਾਡੇ ਦਿਲਾਂ ‘ਚ ਵੱਸਦੇ ਰਹਿਣਗੇ।
ਸ਼ਮਸ਼ੇਰ ਸਿੰਘ ਸੋਹੀ
ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੀ ਯਾਦ ‘ਚ ਬਣਾਈ ਗਈ ਵੈੱਬਸਾਈਟ ਇਸ ਤੇ ਜ਼ਰੂਰ ਕਲਿੱਕ ਕਰੋ।
https://chamkila.in/